1 Samuel 2

1ਹੰਨਾਹ ਨੇ ਪ੍ਰਾਰਥਨਾ ਕਰ ਕੇ ਆਖਿਆ,

ਮੇਰਾ ਮਨ ਯਹੋਵਾਹ ਦੇ ਕਾਰਨ ਮਗਨ ਹੈ ।
ਯਹੋਵਾਹ ਨੇ ਮੇਰਾ ਸਿੰਗ ਉੱਚਾ ਕੀਤਾ ਹੈ ।
ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲ੍ਹਿਆ ਗਿਆ,
ਕਿਉਂ ਜੋ ਮੈਂ ਤੇਰੀ ਮੁਕਤੀ ਤੋਂ ਅਨੰਦ ਹੋਈ ।

2ਯਹੋਵਾਹ ਵਰਗਾ ਕੋਈ ਪਵਿੱਤਰ ਨਹੀਂ,

ਤੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ,
ਕੋਈ ਸਾਡੇ ਪਰਮੇਸ਼ੁਰ ਵਰਗੀ ਚੱਟਾਨ ਨਹੀਂ ।

3ਹੰਕਾਰ ਦੀਆਂ ਗੱਲਾਂ ਹੋਰ ਨਾ ਆਖ,

ਅਤੇ ਆਕੜ ਦੀ ਗੱਲ ਤੇਰੇ ਮੂੰਹੋਂ ਨਾ ਨਿਕਲੇ,
ਯਹੋਵਾਹ ਤਾਂ ਗਿਆਨ ਦਾ ਪਰਮੇਸ਼ੁਰ ਹੈ,
ਅਤੇ ਉਹ ਕਰਨੀਆਂ ਦੇ ਅਨੁਸਾਰ ਹਿਸਾਬ ਕਰਦਾ ਹੈ ।

4ਸੂਰਵੀਰਾਂ ਦੇ ਤੀਰ ਟੁੱਟ ਗਏ,

ਅਤੇ ਉਹ ਜੋ ਠੇਡੇ ਖਾਂਦੇ ਸਨ ਉਨ੍ਹਾਂ ਦੇ ਲੱਕ ਬਲ ਨਾਲ ਕੱਸੇ ਗਏ ।

5ਉਹ ਜੋ ਰੱਜੇ ਹੋਏ ਸਨ ਆਪ ਹੀ ਰੋਟੀ ਦੇ ਲਈ ਮਜ਼ਦੂਰ ਹੋ ਗਏ,

ਅਤੇ ਉਹ ਜੋ ਭੁੱਖੇ ਸਨ ਉਨ੍ਹਾਂ ਦੀ ਭੁੱਖ ਮਿਟ ਗਈ,
ਇਥੋਂ ਤੱਕ ਜੋ ਬੇਓਲਾਦ ਸਨ ਉਹਨਾਂ ਦੇ ਸੱਤ ਜੰਮੇ,
ਅਤੇ ਜਿਹਦੇ ਢੇਰ ਸਾਰੇ ਬਾਲ ਬੱਚੇ ਸਨ ਉਹ ਕਮਜ਼ੋਰ ਪੈ ਗਈ ।

6ਯਹੋਵਾਹ ਮਾਰਦਾ ਹੈ ਅਤੇ ਜਿਵਾਉਂਦਾ ਹੈ,

ਉਹੋ ਪਤਾਲ ਵਿੱਚ ਉਤਾਰਦਾ ਹੈ ਅਤੇ ਉਹੋ ਹੀ ਉੱਪਰ ਚੁੱਕਦਾ ਹੈ ।

7ਯਹੋਵਾਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ,

ਉਹੀ ਨੀਵਾਂ ਕਰਦਾ ਹੈ ਅਤੇ ਉੱਚਾ ਕਰਦਾ ਹੈ ।

8ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ,

ਅਤੇ ਕੰਗਾਲ ਨੂੰ ਰੁੜ੍ਹੀ ਵਿੱਚੋਂ ਕੱਢਦਾ ਹੈ,
ਤਾਂ ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ,
ਅਤੇ ਮਹਿਮਾ ਦੀ ਗੱਦੀ ਦਾ ਅਧਿਕਾਰੀ ਬਣਾਵੇ ।
ਧਰਤੀ ਦੇ ਥੰਮ ਤਾਂ ਯਹੋਵਾਹ ਦੇ ਹੀ ਹਨ,
ਅਤੇ ਉਸ ਨੇ ਸੰਸਾਰ ਦੀ ਨੀਂਹ ਉਨ੍ਹਾਂ ਉੱਤੇ ਰੱਖੀ ਹੈ ।

9ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ,

ਪਰ ਦੁਸ਼ਟ ਚੁੱਪ ਚੁਪੀਤੇ ਅੰਧਕਾਰ ਵਿੱਚ ਪਏ ਰਹਿਣਗੇ,
ਕਿਉਂ ਜੋ ਕੋਈ ਵੀ ਮਨੁੱਖ ਆਪਣੇ ਬਲ ਨਾਲ ਨਹੀਂ ਜਿੱਤਦਾ ।

10ਯਹੋਵਾਹ ਦੇ ਵਿਰੋਧੀ ਮਿਟਾਏ ਜਾਣਗੇ,

ਉਹ ਸੁਰਗ ਵੱਲੋਂ ਉਨ੍ਹਾਂ ਉੱਤੇ ਗੱਜੇਗਾ,
ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ,
ਉਹ ਆਪਣੇ ਰਾਜੇ ਨੂੰ ਜ਼ੋਰ ਦੇਵੇਗਾ,
ਅਤੇ ਆਪਣੇ ਮਸੀਹ ਦੇ ਸਿੰਗ ਨੂੰ ਉੱਚਾ ਕਰੇਗਾ ।

11ਤਦ ਅਲਾਕਾਨਾਹ ਰਾਮਾਹ ਵੱਲ ਆਪਣੇ ਘਰ ਗਿਆ ਅਤੇ ਉਹ ਬਾਲਕ ਏਲੀ ਜਾਜਕ ਦੇ ਅੱਗੇ ਯਹੋਵਾਹ ਦੀ ਸੇਵਾ ਕਰਦਾ ਰਿਹਾ ।

12ਹੁਣ ਏਲੀ ਦੇ ਪੁੱਤਰ ਦੁਸ਼ਟ ਸਨ । ਉਨ੍ਹਾਂ ਨੇ ਯਹੋਵਾਹ ਨੂੰ ਨਾ ਜਾਣਿਆ । 13ਜਾਜਕਾਂ ਦੀ ਰੀਤ ਇਹ ਸੀ ਕਿ ਜਦ ਕੋਈ ਮਨੁੱਖ ਭੇਂਟ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਪਕਾਉਣ ਦੇ ਵੇਲੇ ਇੱਕ ਤ੍ਰਿਸੂਲ ਹੱਥ ਦੇ ਵਿੱਚ ਲੈ ਕੇ ਆਉਂਦਾ ਸੀ 14ਅਤੇ ਉਹ ਨੂੰ ਮਾਸ ਵਿੱਚ ਜੋ ਕੜਾਹੇ, ਦੇਕਚੇ, ਵੱਲਟੋਹੀ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿਨ੍ਹਾਂ ਤ੍ਰਿਸੂਲ ਨਾਲ ਨਿੱਕਲੇ ਸੋ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ ।

15ਅਜਿਹਾ ਵੀ ਹੁੰਦਾ ਸੀ ਜੋ ਉਨ੍ਹਾਂ ਦੀ ਚਰਬੀ ਸੜਨ ਤੋਂ ਪਹਿਲਾਂ ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸ ਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁੰਨਣ ਲਈ ਮਾਸ ਦੇ ਕਿਉਂ ਜੋ ਉਹ ਤੈਥੋਂ ਬਣਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਮਾਸ ਹੀ ਲਵੇਗਾ । 16ਅਤੇ ਜੇ ਉਹ ਨੂੰ ਕੋਈ ਆਖੇ ਕਿ ਅਜੇ ਉਸ ਚਰਬੀ ਨੂੰ ਸੜ ਲੈਣ ਦੇ ਤਾਂ ਫੇਰ ਜਿੰਨਾ ਤੇਰਾ ਜੀ ਕਰੇ ਲੈ ਜਾਈਂ ਤਾਂ ਉਹ ਉਸ ਨੂੰ ਅੱਗੋਂ ਆਖਦਾ, ਨਹੀਂ, ਤੂੰ ਮੈਨੂੰ ਹੁਣੇ ਦੇਹ ! ਨਹੀਂ ਤਾਂ ਮੈਂ ਖੋਹ ਲਵਾਂਗਾ ! 17ਇਸ ਕਰਕੇ ਉਨ੍ਹਾਂ ਜੁਆਨਾਂ ਦਾ ਪਾਪ ਯਹੋਵਾਹ ਦੇ ਅੱਗੇ ਬਹੁਤ ਵੱਡਾ ਸੀ, ਕਿਉਂ ਜੋ ਲੋਕ ਯਹੋਵਾਹ ਦੀ ਭੇਂਟ ਨੂੰ ਤੁੱਛ ਜਾਣਦੇ ਸਨ ।

18ਪਰ ਸਮੂਏਲ ਜੋ ਬਾਲਕ ਸੀ, ਸੂਤੀ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ । 19ਅਤੇ ਉਹ ਦੀ ਮਾਤਾ ਉਹ ਦੇ ਲਈ ਇੱਕ ਨਿੱਕਾ ਜਿਹਾ ਚੋਗਾ ਬਣਾ ਕੇ ਹਰੇਕ ਸਾਲ ਲਿਆਉਂਦੀ ਸੀ, ਜਦ ਉਹ ਆਪਣੇ ਪਤੀ ਦੇ ਨਾਲ ਸਾਲ ਭਰ ਦੀ ਭੇਂਟ ਚੜ੍ਹਾਉਣ ਆਉਂਦੀ ਸੀ ।

20ਸੋ ਏਲੀ ਨੇ ਅਲਕਾਨਾਹ ਤੇ ਉਸ ਦੀ ਪਤਨੀ ਨੂੰ ਅਸੀਸ ਦੇ ਕੇ ਆਖਿਆ, ਯਹੋਵਾਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਹੋਵਾਹ ਤੋਂ ਮੰਗੀ ਸੀ ਅੰਸ ਦੇਵੇ । ਸੋ ਉਹ ਆਪਣੇ ਘਰ ਗਏ

21ਫੇਰ ਹੰਨਾਹ ਉੱਤੇ ਯਹੋਵਾਹ ਨੇ ਕਿਰਪਾ ਕੀਤੀ ਅਤੇ ਉਹ ਗਰਭਵਤੀ ਹੋਈ ਅਤੇ ਉਹ ਨੇ ਤਿੰਨ ਪੁੱਤਰ ਤੇ ਦੋ ਧੀਆਂ ਨੂੰ ਜਨਮ ਦਿੱਤਾ ਅਤੇ ਉਹ ਦਾ ਬਾਲਕ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ ।

22ਏਲੀ ਵੱਡੀ ਉਮਰ ਦਾ ਹੋ ਗਿਆ ਅਤੇ ਉਸ ਨੇ ਉਹ ਸਭ ਕੁਝ ਸੁਣਿਆ ਜੋ ਉਸ ਦੇ ਪੁੱਤਰ ਇਸਰਾਏਲ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਸਨ ਅਤੇ ਕਿਵੇਂ ਉਨ੍ਹਾਂ ਇਸਤਰੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਨ ਲਈ ਇਕੱਠੀਆਂ ਹੁੰਦੀਆਂ ਸਨ, ਉਹਨਾਂ ਨਾਲ ਸੰਗ ਕਰਦੇ ਸਨ । 23ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਅਜਿਹੇ ਕੰਮ ਕਿਉਂ ਕਰਦੇ ਹੋ ? ਕਿਉਂ ਮੈਂ ਤੁਹਾਡੀ ਬਦੀ ਸਭਨਾਂ ਲੋਕਾਂ ਕੋਲੋਂ ਸੁਣਦਾ ਹਾਂ, 24ਨਾ ਮੇਰੇ ਪੁੱਤਰੋ । ਕਿਉਂ ਜੋ ਇਹ ਚੰਗੀ ਖ਼ਬਰ ਨਹੀਂ, ਜਿਹੜੀ ਮੈਂ ਸੁਣਦਾ ਹਾਂ ਕਿ ਤੁਸੀਂ ਯਹੋਵਾਹ ਦੀ ਪਰਜਾ ਦੇ ਪਾਪ ਦਾ ਕਾਰਨ ਬਣਦੇ ਹੋ ।

25ਜੇ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਪਰਮੇਸ਼ੁਰ ਉਹ ਦਾ ਨਿਆਂ ਕਰੇਗਾ ਪਰ ਜੇ ਕੋਈ ਮਨੁੱਖ ਯਹੋਵਾਹ ਦਾ ਪਾਪ ਕਰੇ ਤਾਂ ਉਹ ਦੀ ਸਿਫਾਰਸ਼ ਕੌਣ ਕਰੇਗਾ ? ਫਿਰ ਵੀ ਉਨ੍ਹਾਂ ਨੇ ਆਪਣੇ ਪਿਤਾ ਦਾ ਕਹਿਣਾ ਨਾ ਮੰਨਿਆ ਕਿਉਂ ਜੋ ਯਹੋਵਾਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ । 26ਉਹ ਬਾਲਕ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਤੇ ਮਨੁੱਖਾਂ ਦੇ ਅੱਗੇ ਉਸਦੀ ਚੰਗੀ ਪਹਿਚਾਣ ਸੀ ।

27ਤਦ ਇੱਕ ਪਰਮੇਸ਼ੁਰ ਦੇ ਬੰਦੇ ਨੇ ਏਲੀ ਕੋਲ ਆ ਕੇ ਆਖਿਆ, ਯਹੋਵਾਹ ਇਉਂ ਆਖਦਾ ਹੈ, ਭਲਾ, ਮੈਂ ਤੇਰੇ ਪਿਤਾ ਦੇ ਘਰਾਣੇ ਉੱਤੇ ਜਦ ਉਹ ਮਿਸਰ ਵਿੱਚ ਫਿਰਊਨ ਦੇ ਘਰਾਣੇ ਦੀ ਗ਼ੁਲਾਮੀ ਵਿੱਚ ਸਨ, ਪਰਗਟ ਨਹੀਂ ਹੋਇਆ ? 28ਕੀ ਮੈਂ ਉਸ ਨੂੰ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਹੀਂ ਚੁਣ ਲਿਆ ਕਿ ਉਹ ਮੇਰਾ ਜਾਜਕ ਬਣੇ ਅਤੇ ਮੇਰੀ ਜਗਵੇਦੀ ਉੱਤੇ ਭੇਂਟ ਚੜ੍ਹਾਵੇ, ਧੂਪ ਧੁਖਾਵੇ, ਮੇਰੇ ਅੱਗੇ ਏਫ਼ੋਦ ਪਹਿਨੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਂਦੇ ਹਨ ਤੇਰੇ ਪਿਤਾ ਦੇ ਟੱਬਰ ਨੂੰ ਨਹੀਂ ਦਿੱਤੀਆਂ ?

29ਫੇਰ ਤੁਸੀਂ ਕਿਉਂ ਮੇਰੀ ਉਸ ਕੁਰਬਾਨੀ ਅਤੇ ਮੇਰੀ ਭੇਟ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਨਿਰਾਦਰ ਕਰਦੇ ਹੋ ਅਤੇ ਤੂੰ ਕਿਉਂ ਆਪਣੇ ਪੁੱਤਰਾਂ ਦਾ ਮੇਰੇ ਨਾਲੋਂ ਵੱਧ ਆਦਰ ਕਰਦਾ ਹੈਂ, ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ-ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਬਣੇ ? 30ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਸੀ ਕਿ ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ ਪਰ ਉਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ ।

31ਵੇਖ, ਉਹ ਦਿਨ ਆਉਂਦੇ ਹਨ, ਜੋ ਮੈਂ ਤੇਰੀ ਬਾਂਹ ਅਤੇ ਤੇਰੇ ਪਿਤਾ ਦੇ ਟੱਬਰ ਦੀ ਬਾਂਹ ਨੂੰ ਅਜਿਹੀ ਵੱਢ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਵੱਡੀ ਉਮਰ ਦਾ ਨਾ ਹੋਵੇਗਾ । 32ਅਤੇ ਉਸ ਸਾਰੀ ਭਲਿਆਈ ਦੇ ਵਿੱਚ ਜੋ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਂਗਾ ਅਤੇ ਤੇਰੀ ਸੰਤਾਨ ਵਿੱਚ ਕੋਈ ਬੁੱਢਾ ਨਾ ਹੋਵੇਗਾ । 33ਵੇਖ, ਮੈਂ ਤੇਰੇ ਘਰਾਣੇ ਵਿਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਖਪ ਜਾਵੇਗਾ ।

34ਜੋ ਤੇਰੇ ਦੋਹਾਂ ਪੁੱਤਰਾਂ ਹਾਫ਼ਨੀ ਅਤੇ ਫਨੀਹਾਸ ਉੱਤੇ ਬੀਤੇਗਾ ਸੋ ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗੀ, ਉਹ ਦੋਵੇਂ ਦੇ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ । 35ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਮਨ ਅਤੇ ਜੀਅ ਦੇ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ-ਅੱਗੇ ਤੁਰੇਗਾ ।

ਅਤੇ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਤੇਰੇ ਘਰ ਵਿੱਚ ਬਚ ਜਾਵੇਗਾ ਉਹ ਇੱਕ ਟੁੱਕੜਾ ਚਾਂਦੀ ਅਤੇ ਇੱਕ ਟੁੱਕੜੇ ਰੋਟੀ ਦੇ ਲਈ ਉਹ ਦੇ ਅੱਗੇ ਮੱਥਾ ਟੇਕੇਗਾ ਅਤੇ ਉਹ ਆਖੇਗਾ, ਜਾਜਕਾਈ ਦਾ ਕੋਈ ਕੰਮ ਮੈਨੂੰ ਦੇ, ਤਾਂ ਜੋ ਮੈਨੂੰ ਇੱਕ ਟੁੱਕੜਾ ਰੋਟੀ ਮਿਲ ਜਾਵੇ ।

36

Copyright information for PanULB